ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ( ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਮਿਤੀ 26-08-2025 ਨੂੰ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ “ ਤੀਆਂ ਦੇ ਮੇਲੇ “ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਤੇ ਕਾਲਜੀਏਟ ਸਕੂਲ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਰਵਾਇਤੀ ਪੁਸ਼ਾਕਾਂ ਤੇ ਵਿਰਾਸਤੀ ਸਾਜ਼ਾਂ ਨਾਲ਼ ਭਰਪੂਰ ਸ਼ਮੂਲੀਅਤ ਕਰਕੇ ਖ਼ੂਬ ਰੰਗ ਬੰਨ੍ਹਿਆ । ਤੀਆਂ ਦੇ ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਲੋਕਲ ਮੈਨਜਮੈਂਟ ਵੱਲੋਂ ਆਨਰੇਰੀ ਸਕੱਤਰ ਸ. ਰਘਬੀਰ ਸਿੰਘ ਜੀ ਸਹਾਰਨਮਾਜਰਾ ਨੂੰ ਫੁੱਲਾਂ ਦਾ ਬੁੱਕੇ ਭੇਂਟ ਕਰਕੇ ਸ਼ੁੱਭ ਆਮਦੀਦ ਕਿਹਾ ਗਿਆ । ਕਾਲਜ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਸ਼੍ਰੀਮਤੀ ਅਨੀਤਾ ਜੀ ਨੂੰ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਰੰਗ - ਬਰੰਗੀਆਂ ਚੂੜੀਆਂ ਚੜਾ ਕੇ ਹੱਥਾਂ ਤੇ ਸ਼ਗਨਾਂ ਦੀ ਮਹਿੰਦੀ ਲਗਾ ਕੇ , ਫੁੱਲਾਂ ਦੀ ਸਜੀ ਪੀਂਘ ਦੇ ਆਸਮਾਨ ਨੂੰ ਛੂੰਹਦੇ ਹੁਲਾਰਿਆਂ ਅਤੇ ਫੁਲਕਾਰੀਆਂ ਭੇਂਟ ਕਰਕੇ “ ਜੀ ਆਇਆਂ “ ਕਿਹਾ ।
ਕਾਲਜ ਕੈਂਪਸ ਵਿੱਚ ਲੁਪਤ ਹੋ ਰਹੇ ਪੰਜਾਬੀ ਵਿਰਸੇ ਨੂੰ ਸਜੀਵ ਕਰਕੇ ਇੱਕ ਸੱਭਿਆਚਾਰਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰੰਗ- ਬਰੰਗੀਆਂ ਪੀੜ੍ਹੀਆਂ, ਗਾਗਰਾਂ, ਚਾਦਰਾਂ, ਦਰੀਆਂ, ਫੁਲਕਾਰੀਆਂ, ਛਿੱਕੂ, ਖਿੱਦੋ , ਹੱਥੀਂ ਬੁਣੀਆਂ ਜੈਕਟਾਂ, ਸਵੈਟਰ, ਰੁਮਾਲ, ਮੌਜੇ , ਟੋਪੀਆਂ, ਨਾਲੇ , ਪਰਾਂਦੇ ਆਦਿ ਦੀ ਪੇਸ਼ਕਾਰੀ ਕੀਤੀ ਗਈ । ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੁਆਰਾ ਲਗਾਈ ਗਈ ਪ੍ਰਦਰਸ਼ਨੀ ਵਿੱਚ ਵਾਰਲੀ ਆਰਟ ਨਾਲ਼ ਬਣਾਏ ਵਾਲ ਫਰੇਮ, ਕੁਸ਼ਨ ਕਵਰ, ਫੁਲਕਾਰੀ, ਦਸਤਕਾਰੀ , ਹੱਥੀਂ ਬੁਣੇ ਸਵੈਟਰ, ਕੰਧ ਸਜਾਵਟ ਲਈ ਹੈਗਿੰਗ ਤੇ ਚਿੱਤਰ, ਦੁਪੱਟੇ, ਕੱਪੜੇ ਦੇ ਬਣੇ ਹੋਏ ਆਕਰਸ਼ਕ ਥੈਲੇ ਤੇ ਝੋਲੇ, ਪੇਂਟਿੰਗਾਂ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ । “ ਅਰਨ ਵਾਈਲ ਲਰਨ” ਮੁਹਿੰਮ ਤਹਿਤ ਹੋਮ ਸਾਇੰਸ ਵਿਭਾਗ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਹੱਥੀਂ ਤਿਆਰ ਕੀਤੀਆਂ ਵਸਤਾਂ ਜਿਵੇਂ ਰਬੜ ਬੈਂਡ, ਕਲਿੱਪ, ਨੇਲਜ਼ ਅਤੇ ਮਹਿੰਦੀ ਤੇ ਚੂੜੀਆਂ ਦੇ ਸਟਾਲ ਲਗਾ ਕੇ ਮੇਲੇ ਦੀ ਰੌਣਕ ਵਿੱਚ ਵਾਧਾ ਕੀਤਾ ਗਿਆ ।
ਜੀਵ ਵਿਗਿਆਨ ਵਿਭਾਗ ਵੱਲੋਂ “ਵਰਮੀ ਕੰਪੋਸਟ “ ਦੀ ਵਿਕਰੀ ਅਤੇ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਆਰਗੈਨਿਕ ਖਾਦ ਬਣਾਉਣ ਅਤੇ ਰਸਾਇਣਕ ਖਾਦਾਂ ਦੀ ਥਾਂ ਗੰਡੋਆ ਖਾਦ ਦੀ ਵਰਤੋਂ ਨਾਲ਼ ਜੀਵਨ ਨੂੰ ਰੋਗ ਰਹਿਤ ਅਤੇ ਸੁਰੱਖਿਅਤ ਬਣਾਉਣ ਲਈ ਸੁਚੇਤ ਕੀਤਾ ਗਿਆ ।
ਕਾਲਜ ਕੈਂਪਸ ਵਿੱਚ ਤੀਆਂ ਦੇ ਮੇਲੇ ਦੌਰਾਨ “ ਲੋਕ ਖੇਡਾਂ “ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਡੀਆਂ ਅਲੋਪ ਹੋ ਰਹੀਆਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਅਤੇ ਵਿਦਿਆਰਥੀਆਂ ਨੂੰ ਵਿਸਰ ਚੁੱਕੇ ਵਿਰਸੇ ਨਾਲ਼ ਜੋੜਨ ਲਈ ਉਪਰਾਲਾ ਕੀਤਾ ਗਿਆ
